ਲੱਖ ਲਾਹਨਤਾਂ ਉਸ ਬੰਦੇ ਨੂੰ ਜਿਹੜਾ ਕਹਿੰਦਾ ਕਿ ਪੰਜਾਬ ਵਿੱਚ ਵਿਕਾਸ ਨਹੀਂ ਹੋਇਆ ਤੇ ਸਿਸਟਮ ਹੈ ਨਹੀਂ।
ਅੱਜ ਤੱਕ ਥੋਨੂੰ ਸ਼ਰਾਫਤ ਨਾਲ ਚਲਦੀ ਬਦਮਾਸ਼ੀ ਦਾ ਪਤਾ ਨਹੀਂ ਲੱਗਣ ਦਿੱਤਾ ਸਰਕਾਰਾਂ ਨੇ ਇੱਥੋਂ ਦੇ ਪਾਲ਼ੇ ਬਾਬਿਆਂ ਨੇ ਸੈਂਕੜਿਆਂ ਭਗਤ ਮਾਰ ਕੇ ਆਵਦੇ ਡੇਰਿਆਂ ਵਿੱਚ ਈ ਖਪਾਤੇ, ਕੁੜੀਆਂ ਤੇ ਔਰਤਾਂ ਨਾਲ ਬਲਾਤਕਾਰ ਕਰਦੇ ਰਹੇ, ਤੁਸੀਂ ਉਹਨਾਂ ਨੂੰ ਰੱਬ ਮੰਨਦੇ ਰਹੇ। ਠੇਕੇਦਾਰ ਤੇ ਰਿਸ਼ਵਤਖੋਰ ਕਾਨੂੰਨ ਰੂਪੀ ਜਹਾਜ਼’ਤੇ ਨਿਧੱੜਕ ਹੋ ਕੇ ਸਵਾਰੀ ਕਰਦੇ ਰਹੇ ਤੇ ਸਮਾਜ ਦੇ ਸ਼ੁੱਭਚਿੰਤਕਾਂ ਨੂੰ ਮੂੰਹ ਚਿੜ੍ਹਾਉਂਦੇ ਰਹੇ। ਤੁਸੀਂ ਉਹਨਾਂ ਨੂੰ ਅਦਬ ਨਾਲ ਬੁਲਾਉਂਦੇ ਤੇ ਇੱਜ਼ਤ ਦਿੰਦੇ ਰਹੇ। ਕਦੇ ਕੋਈ ਜਾਅਲੀ ਡਿਗਰੀਆਂ, ਜਾਅਲੀ ਭਰਤੀਆਂ ਦਾ ਰੌਲਾ ਨਹੀਂ ਪਿਆ ਪੰਜਾਬ ਵਿੱਚ। ਬੱਸ ਜਦੋਂ ਵੀ ਰੌਲਾ ਪਿਆ ਤਾਂ ਸਿਰਫ਼ ਹਿੱਸਾ-ਪੱਤੀ ਦਾ, ਰੋਕੜੇ ਦਾ ਪਿਆ।
ਸਿੱਖਿਆ ਤੰਤਰ ਨੂੰ ਇੱਕ ਸੈਟਿੰਗ ਕਲਚਰ ਬਣਾ ਕੇ ਛੱਡ ਦਿੱਤਾ। ਸਿਸਟਮ ਤਾਂ ਐਨਾ ਸੈੱਟ ਹੋਇਆ ਪਿਆ ਕਿ ਇਹ ਹੁਣ ਹਵਾ’ਚ ਤੀਰ ਛੱਡਣ ਨਾਲ ਨਹੀਂ ਬਦਲੇਗਾ। ਇੱਥੋਂ ਦੇ ਬੁੱਧੀਜੀਵੀਆਂ ਨੇ ਥੋਨੂੰ ਕੋਰੋਨਾ ਤੋਂ ਵੀ ਭੈੜੀਆਂ ਵੈਕਸੀਨ ਰੂਪੀ ਕਿਤਾਬਾਂ ਦੇ ਦਿੱਤੀਆਂ, ਜਿਹੜੀਆਂ ਥੋਨੂੰ ਉੱਠਦੇ ਬਹਿੰਦੇ ਸਮਝਾਉਂਦੀਆਂ ਹਨ ਕਿ ਸਾਨੂੰ ਵੱਧ ਤੋਂ ਵੱਧ ਪੜ੍ਹੋ, ਸਬਰਮੰਦ ਹੋ ਕੇ ਸਭ ਸਹਿੰਦੇ ਰਹੋ, ਬਦਲਾਅ ਆਵੇਗਾ। ਕਿਤਾਬਾਂ ਤੁਹਾਨੂੰ ਹਲੂਣ ਹਲੂਣ ਕੇ ਕਹਿੰਦੀਆਂ ਹਨ ਕਿ ਤੁਹਾਡੀ ਗਰੀਬੀ ਤੇ ਲਾਚਾਰੀ ਦੇ ਜ਼ਿੰਮੇਵਾਰ ਸਰਮਾਏਦਾਰ ਨਹੀਂ ਤੁਸੀਂ ਖੁਦ ਹੋ। ਸਰਮਾਏਦਾਰ ਤਾਂ ਥੋਡੇ ਭਰਾ ਨੇ। ਇਹ ਤੁਹਾਡੀ ਸੋਚ ਦਾ ਦਾਇਰਾ ਵੱਡਾ ਹੋਣ ਨਹੀਂ ਦੇ ਰਹੀਆਂ। ਹੁਣ ਆਵਦੀ ਸੋਚ ਅਤੇ ਬਦਨੀਤੀਆਂ’ਤੇ ਝਾਤੀ ਮਾਰੋ ਅਤੇ ਮੌਜੂਦਾ ਸਿਸਟਮ ਦੀ ਰੱਜ ਕੇ ਤਾਰੀਫ਼ ਕਰੋ। ਜਿਹੜੀ ਸੂਝ-ਬੂਝ ਨਾਲ ਤੁਸੀਂ ਆਪਣੇ ਨਾਇਕ ਤੇ ਆਦਰਸ਼ ਚੁਣੇ, ਉਸੇ ਹਿਸਾਬ ਦਾ ਸਿਸਟਮ ਹੈ ਪੰਜਾਬ ਵਿੱਚ। ਸਭ ਕੁਝ ਬਾਖ਼ੂਬੀ ਚੱਲ ਰਿਹਾ ਹੈ।
ਥੋਡੇ ਸਿਰ’ਤੇ ਈ ਲੀਡਰ ਸਵਿੱਸ ਬੈਂਕਾਂ ਵਿੱਚ ਖ਼ਾਤੇ ਖੁਲ੍ਹਵਾਉਂਦੇ ਰਹੇ ਤੇ ਥੋਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੰਦੇ ਰਹੇ। ਉਹ ਬਾਹਰਲੇ ਮੁਲਖ ਦੀਆਂ ਦੁਕਾਨਾਂ ਇੱਥੇ ਚਲਾਉਂਦੇ ਰਹੇ ਤੇ ਤੁਸੀਂ ਉਹਨਾਂ ਨੂੰ ਰੱਬ ਮੰਨਦੇ ਗਏ। ਸਿਸਟਮ ਬਿਲਕੁਲ ਉਵੇਂ ਹੈ ਜਿਵੇਂ ਤੁਹਾਡੇ ਬਣਾਏ ਰੱਬਾਂ ਨੇ ਤੇ ਤੁਸੀਂ ਚਾਹਿਆ।
… ਤੁਹਾਡਾ ਖੁਸ਼ਹਾਲ ਪੰਜਾਬੀ ਭਰਾ
Navdeep Jindal